Saturday, January 18, 2025
 

ਲਿਖਤਾਂ

ਜ਼ਖਮ 1947 ਦੇ   

May 22, 2021 03:27 PM

                         ਪੋਠੋਹਾਰ ਦੇ ਇਲਾਕੇ ਥੋਹਾ ਖਾਲਸਾ ਦੀ ਖੂਨੀ ਦਾਸਤਾਨ

                               47 ਦੀ ਵੰਡ ਪੰਜਾਬ ਦੇ ਸੀਨੇ ਤੇ ਲੱਗਿਆ ਇਕ ਐਸਾ ਡੂੰਘਾ ਫ਼ੱਟ ਸੀ ਜਿਸ ਨੇ ਪੰਜਾਬ ਦੀ ਰੂਹ ਤੱਕ ਨੂੰ ਜ਼ਖਮੀ ਕਰ ਦਿੱਤਾ, ਜਿਸ ਨੇ ਪੰਜਾਬ ਦੇ ਦੋ ਟੋਟੇ ਈ ਨਹੀ ਕੀਤੇ ਸਗੋ ਭਾਈ ਨੂੰ ਭਾਈ ਨਾਲ ਲੜਵਾਇਆ। ਜਿਸ ਨੇ ਸਦੀਆਂ ਤੋਂ ਚੱਲਦੀ ਆ ਰਹੀ ਸਾਂਝ ਨੂੰ ਦੁਸ਼ਮਣੀ ਵਿੱਚ ਬਦਲ ਕੇ ਹਰ ਸ਼ਕਸ਼ ਨੂੰ ਇਕ ਦੂਜੇ ਦੇ ਖੂਨ ਦੇ ਪਿਆਸੇ ਬਣਾ ਦਿੱਤਾ, ਜਿਸ ਨੇ ਅਣਖੀ ਪੰਜਾਬੀਆ ਨੂੰ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਹੱਥੀ ਕਤਲ ਕਰਨ ਲਈ ਮਜ਼ਬੂਰ ਕੀਤਾ। ਇਹ ਉਹ ਜ਼ਖਮ ਨੇ ਜੋ ਅੱਜ ਵੀ ਅੱਲ੍ਹੇ ਨੇ।

                           47 ਦੇ ਹੱਲਿਆ ਦੀਆਂ ਲਹੂ ਭਿੱਜੀਆਂ ਹੱਡ ਬੀਤੀਆਂ ਅਸੀ ਅਕਸਰ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਜੋ ਉਹ ਵਾਰ ਵਾਰ ਸੁਣਾਉਂਦੇ ਥੱਕਦੇ ਨਹੀ । ਉਹ ਵੰਡ ਵੇਲੇ ਆਪਣੇ ਪਿਛੇ ਰਹਿ ਚੁੱਕੇ ਖੇਤ ਖਲਿਆਣ , ਪਿੰਡ, ਯਾਰ ਬੇਲੀ ਅਤੇ ਆਪਣਾ ਸੋਹਣਾ ਘਰ ਜਿੱਥੇ ਉਹ ਖੇਡਦੇ ਰਹੇ ਨੂੰ ਅੱਜ ਵੀ ਯਾਦ ਕਰ ਕਰ ਆਪਣੀਆਂ ਬੁੱਢੀਆਂ ਹੋ ਚੁੱਕੀਆ ਅੱਖਾਂ ਚੋਂ ਹੰਝੂ ਕੇਰਦੇ ਰਹਿੰਦੇ ਨੇ।ਅੱਜ ਵੀ ਉਹ ਬਜ਼ੁਰਗ ਜੋ ਆਪਣੀ ਉਮਰ ਦੇ ਆਖਰੀ ਪੜਾਅ ਚ ਨੇ ਦਿਲ ਵਿੱਚ ਅਜੇ ਵੀ ਇਹ ਤਾਂਘ ਰੱਖਦੇ ਨੇ ਕਿ ਕਦੇ ਉਹ ਵੀ ਪਿਛੇ ਰਹਿ ਚੁੱਕੇ ਆਪਣੇ ਘਰ ਆਪਣੇ ਪੁਰਖਿਆਂ ਦਾ ਦੇਸ਼ , ਯਾਰ ਬੇਲੀ ਤੇ ਪਿੰਡ ਦੇਖ ਸਕਣਗੇ ।ਉਹਨਾਂ ਦੀਆਂ ਕਈ ਕਹਾਣੀਆਂ ਤਾਂ ਇੰਝ ਦੀਆਂ ਨੇ ਜਿੰਨ੍ਹਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ, ਰੌਂਗਟੇ ਖੜੇ ਹੋ ਜਾਂਦੇ ਨੇ ਤੇ ਪੀੜਾ ਨਾਲ ਭਰਿਆ ਦੁਖੀ ਹਿਰਦਾ ਕਹਿੰਦਾ ਕਿੰਨ੍ਹਾ ਜ਼ੁਲਮ ਹੋਇਆ ਸੀ ਉਹਨਾਂ ਬੇਕਸੂਰ ਲੋਕਾਂ ਤੇ ਜਿੰਨ੍ਹਾਂ ਨੂੰ ਇਹ ਵੀ ਨਹੀ ਸੀ ਪਤਾ ਕਿ ਉਹਨਾਂ ਦਾ ਕਸੂਰ ਕੀ ਏ , ਜੀਹਦੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਪੰਜਾਬੀ ਸਾਹਿਤਕਾਰਾ ਨੇ ਆਪਣੀ ਕਲਮ ਨਾਲ ਇਸ ਮੁਲਕ ਦੀ ਵੰਡ ਦੀਆਂ ਨਾ ਮੁੱਕਣ ਵਾਲੀਆਂ ਖੂਨ ਭਿਜੀਆਂ ਦਾਸਤਾਨਾ ਨੂੰ ਲਿਖ ਕੇ ਆਪਣੇ ਤੌਰ ਤੇ ਉਹਨਾਂ ਲੱਖਾਂ ਪੰਜਾਬੀਆਂ ਦੀਆਂ ਪੀੜਾਂ ਨੂੰ ਜੁਬਾਨ ਦਿੱਤੀ ਜੋ ਇਸ ਵੰਡ ਦੌਰਾਣ ਘਰੋਂ ਬੇਘਰ ਹੋਏ ਤੇ ਜ੍ਹਿਨਾਂ ਆਪਣੇ ਪਿਆਰਿਆ ਨੂੰ ਇਹਨਾਂ ਹੱਲਿਆਂ ਚ ਗਵਾਇਆ।

                        ਥੋਹਾ ਖਾਲਸਾ ਪੋਠੋਹਾਰ ਦਾ ਉਹ ਪਿੰਡ ਸੀ ਜਿਥੇ ਵੰਡ ਤੋਂ ਠੀਕ ਪਹਿਲਾ ਮਾਰਚ 1947 ਨੂੰ ਇਕ ਐਸੀ ਘਟਨਾ ਘਟੀ ਜਿਸ ਨੂੰ ਸੁਣ ਕੇ ਅੱਜ ਵੀ ਰੂਹ ਤੱਕ ਕੰਬ ਜਾਂਦੀ ਏ ।ਪੋਠੋਹਾਰ ਦੇ ਇਲਾਕੇ ਤੋਂ ਜੋ ਨਫ਼ਰਤ ਦਾ ਭਾਂਬੜ ਫ਼ਿਰਕੂ ਜ਼ਨੂਨੀਆ ਨੇ ਬਾਲਿਆ ਉਸ ਦੀਆਂ ਲਪਟਾਂ ਦੇਖਦੇ ਹੀ ਦੇਖਦੇ ਸਾਰੇ ਪੰਜਾਬ ਵਿੱਚ ਫ਼ੈਲ ਗਈਆ ਤੇ ਸਾਰਾ ਪੰਜਾਬ ਇਸ ਦੀ ਲਪੇਟ ਵਿੱਚ ਆ ਗਿਆ।  

                                   ਪਿੰਡ ਥੋਹਾ ਖਾਲਸਾ ਨੂੰ ਇਤਿਹਾਸ ਵਿੱਚ ਇਸ ਲਈ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਇਸ ਪਿੰਡ ਦੇ ਸਿੱਖਾਂ ਨੇ ਆਪਣੀ ਅਣਖ ਤੇ ਆਪਣੇ ਧਰਮ ਨੂ ਬਚਾਉਣ ਲਈ ਉਹ ਸਭ ਕਰ ਦਿੱਤਾ ਜਿਸ ਦੀ ਮਿਸਾਲ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਨਹੀ ਮਿਲਦੀ।ਇਹ ਉਹ ਦਰਦ ਭਰੀ ਦਾਸਤਾਨ ਹੈ ਜਿਸ ਵਿੱਚ ਸਿੱਖ ਬੀਬੀਆਂ ਨੇ ਆਪਣੀ ਇੱਜਤ, ਆਬਰੂ , ਅਣਖ ਤੇ ਧਰਮ ਲਈ ਆਪਾ ਵਾਰ ਦਿੱਤਾ।ਸਿੱਖ ਇਤਿਹਾਸ ਵਿੱਚ ਕੁਰਬਾਨੀਆ ਦਾ ਜ਼ਜਬਾ ਮੁੱਢ ਤੋਂ ਚਲਦਾ ਆ ਰਿਹਾ ਹੈ ਸਿੱਖ ਕੌਮ ਇੱਕ  ਐਸੀ ਕੌਮ ਹੈ ਜਿਸ ਨੂੰ ਉਹਨਾਂ ਦੇ ਗੁਰੂ ਸਾਹਿਬਾਨਾਂ ਨੇ  ਅਣਖ ਨਾਲ ਜੀਣ ਦੀ ਸਿੱਖਿਆ ਦਿੱਤੀ । ਸਰਬੱਤ ਦਾ ਭਲਾ ਮੰਗਣ ਵਾਲੀ ਇਸ ਕੌਮ ਨੂੰ  ਸਮੇ ਦੇ ਹਾਕਮਾ ਨੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਪਰ ਸਿੱਖੀ ਇਕ ਐਸੀ ਜੀਵਨ ਜਾਚ ਹੈ ਜੋ ਇੰਨੇ ਤਸੀਹੇ ਸਹਿ ਕੇ ਵੀ ਆਪਣੇ ਗੁਰੂ ਦੇ ਦੱਸੇ ਮਾਰਗ ਤੋਂ ਨਹੀ ਥਿੜਕਦੇ ਤੇ ਲੱਖਾਂ ਤਸੀਹੇ ਝੱਲ ਕੇ ਵੀ ਸਦਾ ਚੜ੍ਹਦੀ ਕਲਾ ਚ ਰਹਿੰਦੇ ਹਨ।

                                    2 ਅਪ੍ਰੈਲ 1849 ਨੂੰ ਖਾਲਸਾ ਰਾਜ ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾਉਣ ਤੋਂ ਬਾਅਦ ਅੰਗਰੇਜ਼ਾ ਨੇ ਪੰਜਾਬ ਨੂੰ ਪੰਜ ਡਿਵੀਜ਼ਨਾ ਲਹੌਰ , ਦਿੱਲੀ, ਜਲੰਧਰ, ਮੁਲਤਾਨ ਅਤੇ ਰਾਵਲਪਿੰਡੀ ਡਿਵੀਜ਼ਨ ਵਿੱਚ ਵੰਡ ਦਿੱਤਾ।ਲਹੌਰ ਡਿਵੀਜ਼ਨ ਦੇ ਉਤਰ ਪੱਛਮ ਵੱਲ ਪੈਂਦੀ ਰਾਵਲਪਿੰਡੀ ਡਿਵੀਜ਼ਨ ਵਿੱਚ 6 ਜਿਲ੍ਹੇ ਰਾਵਲਪਿੰਡੀ, ਜਿਹਲਮ, ਗੁਜ਼ਰਾਤ, ਸ਼ਾਹਪੁਰ(, ਸਰਗੋਧਾ), ਮੀਆਂਵਾਲੀ ਅਤੇ ਕੈਂਬਲਪੁਰ (ਹੁਣ ਅਟਕ) ਸ਼ਾਮਿਲ ਸਨ।ਇਸ ਡਿਵੀਜ਼ਨ ਵਿੱਚ ਪੰਜਾਬੀ ਦੀ ਬੜੀ ਹੀ ਪਿਆਰੀ ਅਤੇ ਮਿੱਠੀ ਉਪ ਬੋਲੀ ਪੋਠੋਹਾਰੀ ਬੋਲੀ ਜਾਂਦੀ ਸੀ ਅਤੇ ਉਸ ਇਲਾਕੇ ਨੂੰ ਪੋਠੋਹਾਰ ਦਾ ਇਲਾਕਾ ਕਿਹਾ ਜਾਂਦਾ ਸੀ।

         ਜਿਲ੍ਹਾ ਰਾਵਲਪਿੰਡੀ ਦੀ ਤਹਿਸੀਲ ਕਹੂਟਾ ਦਾ ਇਕ ਸਿੱਖ ਬਹੁਗਿਣਤੀ ਵਾਲਾ ਪਿੰਡ ਥੋਹਾ ਖਾਲਸਾ ਇਕ ਖੁਸ਼ਹਾਲ ਤੇ ਤਕਰੀਬਨ 2500 ਕੁ ਆਬਾਦੀ ਵਾਲਾ ਛੋਟਾ ਜਿਹਾ ਪਿੰਡ ਸੀ ਜਿਥੇ ਬਹੁਗਿਣਤੀ ਸਿੱਖ ਵੱਸੋਂ ਆਬਾਦ ਸੀ।ਹਿੰਦੂ, ਸਿੱਖ ਅਤੇ ਮੁਸਲਿਮ ਪੰਜਾਬੀ ਇਥੇ ਬੜੇ ਪਿਆਰ ਅਤੇ ਇਤਫ਼ਾਕ ਨਾਲ ਰਹਿੰਦੇ ਸਨ।ਤਿੰਨਾਂ ਕੌਮਾਂ ਦੇ ਆਪਸੀ ਸੰਬੰਧ ਬਹੁਤ ਵਧੀਆ ਸਨ।ਪਿੰਡ ਦੇ ਵੱਡੇ ਸਰਦਾਰ ਸ੍ਰ ਗੁਲਾਬ ਸਿੰਘ ਦੀ ਹਵੇਲੀ ਉਸ ਪਿੰਡ ਦੀ ਨਿਸ਼ਾਨੀ ਸੀ।ਸਾਰਾ ਪਿੰਡ ਗੁਲਾਬ ਸਿੰਘ ਦੀ ਹਵੇਲੀ ਕਰਕੇ ਮਸ਼ਹੂਰ ਸੀ।ਰਾਵਲਪਿੰਡੀ ਤੋਂ ਤਕਰੀਬਨ 53 ਕਿਲੋਮੀਟਰ ਦੂਰ ਮੌਜੂਦਾ ਜੀ.ਟੀ.ਰੋਡ ਤੇ ਰਾਵਲਪਿੰਡੀ ਇਸਲਾਮਾਬਾਦ ਤੋਂ ਲਹੌਰ ਲਈ ਨਿਕਲੋ ਤਾਂ ਰਵਾਤ ਪਹਿਲਾ ਕਸਬਾ ਪੈਂਦਾ।ਇਥੋਂ ਸੱਜੇ ਹੱਥ ਨੂੰ ਚੱਕ ਬਹਿਲੀ ਰੋਡ ਤੇ ਖੱਬੇ ਹੱਥ ਕੱਲਰ ਨੂੰ ਸਿੱਧੀ ਰੋਡ ਨਿਕਲਦੀ।ਇਹਨਾਂ ਦੋਨਾਂ ਰਸਤਿਆਂ ਤੇ ਸੱਜੇ ਖੱਬੇ ਕਈ ਕਸਬੇ ਆਬਾਦ ਨੇ ਤੇ ਥੋਹਾ ਖਾਲਸਾ ਵੀ ਉਨ੍ਹਾ ਚੋਂ ਈ ਇਕ ਪਿੰਡ ਸੀ। ਅੱਜ ਵੀ ਉਥੇ ਕਈ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਂ ਹਿੰਦੂਆਂ ਤੇ ਸਿੱਖਾਂ ਦੇ ਨਾਵਾਂ ਤੇ ਹਨ ਤੇ ਉਹ ਅੱਜ ਵੀ ਉਸ ਦੌਰ ਦੀ ਯਾਦ ਤਾਜ਼ਾ ਕਰਦੇ ਨੇ ਕਿ ਕਦੇ ਇਥੇ ਵੀ ਸਿੱਖ , ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਲੋਕ ਪਿਆਰ ਤੇ ਅਮਨ ਅਮਾਨ ਨਾਲ ਵੱਸਦੇ ਸਨ।

Haveli Gulab singh

                           ਸਾਲ 1947 ਦਾ ਮਾਰਚ ਮਹੀਨਾ ਚੜ੍ਹ ਚੁੱਕਾ ਸੀ ।ਪੱਛਮੀ ਪੰਜਾਬ ਦੇ ਬਹੁਤ ਸਾਰੇ ਇਲਾਕਿਆ ਵਿੱਚ ਆਬਾਦ ਹਿੰਦੂ ਸਿੱਖ ਪਰਿਵਾਰਾ ਤੇ ਫ਼ਿਰਕੂ ਜ਼ਨੂਨੀਆਂ ਦੇ ਹਮਲੇ ਹੋਣੇ ਸ਼ੁਰੂ ਹੋ ਚੁੱਕੇ ਸਨ ।ਭਾਵੇ ਬਹੁਗਿਣਤੀ ਮੁਸਲਿਮ ਆਬਾਦੀ ਵਾਲੇ ਇਸ ਇਲਾਕੇ ਵਿੱਚ ਸਿੱਖ ਤੇ ਹਿੰਦੂ ਗਿਣਤੀ ਪੱਖੋ ਘੱਟ ਸਨ ਪਰ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਵਜੋ ਹਿੰਦੂ ਅਤੇ ਸਿੱਖ ਮੁਸਲਮਾਨਾ ਨਾਲੋ ਕਿਤੇ ਵੱਧ ਖੁਸ਼ਹਾਲ ਸਨ ।ਸਿੱਖ ਅਤੇ ਹਿੰਦੂ ਆਪਣੇ ਆਉਣ ਵਾਲੇ ਕੱਲ ਤੋਂ ਬੇਫ਼ਿਕਰ ਸਨ ਉਹਨਾਂ ਨੂੰ ਬਿਲਕੁਲ ਵੀ ਇਸ ਗੱਲ ਦਾ ਅੰਦਾਜ਼ਾ ਨਹੀ ਸੀ ਕਿ ਉਹਨਾ ਨਾਲ ਕੀ ਭਾਣਾ ਵਾਪਰਣ ਵਾਲਾ। ਫ਼ਿਰਕੂ ਸੋਚ ਅਤੇ ਲੁੱਟ ਖੋਹ ਦੀ ਨੀਅਤ ਨਾਲ ਅਤੇ ਰਾਜਨੀਤਿਕ ਪਾਰਟੀਆਂ ਦੇ ਵਰਗਲਾਏ ਕੁਝ ਮੁਸਲਿਮ ਕਬਾਇਲੀਆਂ ਨੇ ਸਿੱਖਾਂ ਤੇ ਹਿੰਦੂਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।ਇਹਨਾਂ ਨਾਲ ਕੁਝ ਸਥਾਨਿਕ ਮੁਸਲਮਾਨ ਵੀ ਰਲ ਗਏ। ਇਹ ਸਾਰੇ ਕਬਾਈਲੀ ਸਿੱਖਾਂ ਤੇ ਹਮਲਾ ਕਰਦੇ ਤੇ ਲੁੱਟ ਖੋਹ ਕਰ ਨਾਲੇ ਕੀਮਤੀ ਜਾਨ ਮਾਲ ਦਾ ਨੁਕਸਾਨ ਕਰਦੇ  ਘਰਾਂ ਨੂੰ ਅੱਗਾਂ ਲਾ ਦੋੜ ਜਾਂਦੇ ।ਸਰਕਾਰ ਪੀੜਤ ਧਿਰ ਨੂੰ ਇਨਸਾਫ਼ ਤੇ ਉਹਨਾਂ ਦੀ ਰੱਖਿਆ ਕਰਨ ਚ ਅਸਫ਼ਲ ਸਾਬਿਤ ਹੋ ਰਹੀ ਸੀ।  

                                    ਮੁਸਲਮਾਨਾਂ ਦੀ ਰਾਜਨੀਤਿਕ ਜਮਾਤ ਮੁਸਲਿਮ ਲੀਗ ਨੂੰ ਹੁਣ ਇਹ ਪਤਾ ਲੱਗ ਚੁੱਕਾ ਸੀ ਕਿ ਪਾਕਿਸਤਾਨ ਬਨਣ ਵਾਲਾ ਹੈ।ਧਰਮ ਦੇ ਆਧਾਰ ਤੇ ਬਨਣ ਵਾਲੇ ਮੁਲਕ ਵਿੱਚ ਸਿਰਫ ਮੁਸਲਿਮ ਹੀ ਆਬਾਦ ਹੋਣ ਬਹੁਗਿਣਤੀ ਮੁਸਲਿਮ ਲੀਡਰ ਸਭ ਅੰਦਰੋ ਇਹੋ ਚਾਹੁੰਦੇ ਸਨ।ਉਹਨਾਂ ਦੀ ਇਸ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਚ ਹਿੰਦੂ ਸਿੱਖ ਵੱਡੀ ਰੁਕਾਵਟ ਸਨ ਸੋ ਉਹਨਾ ਹਿੰਦੂਆਂ ਤੇ ਸਿੱਖਾਂ ਤੋਂ ਨਵੇ ਮੁਲਕ ਪਾਕਿਸਤਾਨ ਚ ਆਉਣ ਵਾਲੇ ਇਲਾਕੇ ਨੂੰ ਖਾਲੀ ਕਰਵਾਉਣ ਲਈ ਗਰੀਬ ਤੇ ਭੋਲੇ ਭਾਲੇ ਮੁਸਲਿਮ ਲੋਕਾਂ ਨੂੰ ਇਹਨਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਸਭ ਤੋਂ ਪਹਿਲਾਂ ਰਾਵਲਪਿੰਡੀ ਡਵੀਜ਼ਨ ਵਿੱਚ ਹਿੰਦੂ ਸਿੱਖਾਂ ਤੇ ਹਮਲੇ ਹੋਣੇ ਸ਼ੁਰੂ ਹੋ ਗਏ।

                                ਮੁਸਲਿਮ ਲੀਗ ਦੇ ਬੰਦਿਆਂ ਕਬਾਇਲੀ ਮੁਸਲਮਾਨਾਂ ਨਾਲ ਰਲ ਕੇ ਮਿਤੀ 6 ਅਤੇ 7 ਮਾਰਚ 1947 ਨੂੰ ਰਾਵਲਪਿੰਡੀ ਸ਼ਹਿਰ ਦੇ ਹਿੰਦੂ ਸਿੱਖਾਂ ਦੇ ਮੁਹੱਲਿਆਂ ਤੇ ਹਮਲਾ ਕਰ ਦਿੱਤਾ ਪਰ ਅੱਗੇ ਵੀ ਸਿੰਘ ਦਲੇਰ ਟੱਕਰੇ ਤੇ ਉਹਨਾਂ ਆਪਣੀਆਂ ਰਾਇਫ਼ਲਾਂ ਦੇ ਮੂੰਹ ਇਹਨਾਂ ਹਮਲਾਵਰਾਂ ਵੱਲ ਖੋਲ ਦਿੱਤੇ ।ਅਖੀਰ ਪੇਸ਼ ਕੋਈ ਨਾ ਚਲਦੀ ਵੇਖ ਸਭ ਹਮਲਾਵਰ ਉੱਥੋ ਭੱਜ ਨਿਕਲੇ।ਰਾਵਲਪਿੰਡੀ ਚ ਮੂੰਹ ਦੀ ਖਾਣ ਤੋਂ ਬਾਅਦ ਮੁਸਲਿਮ ਲੀਗੀਆਂ ਤੇ ਕਬਾਇਲੀਆਂ ਰਲ ਕੇ ਇਹ ਮਤਾ ਪਕਾਇਆ ਕਿ ਰਾਵਲਪਿੰਡੀ ਡਵੀਜ਼ਨ ਦੇ ਲਗਭੱਗ 128 ਪਿੰਡਾਂ ਤੇ ਹਮਲਾ ਕਰ ਕੇ ਉਥੇ ਵਸਦੇ ਹਿੰਦੂ ਸਿੱਖਾਂ ਦਾ ਖੁਰਾ ਖੋਜ਼ ਮਿਟਾ ਦਿੱਤਾ ਜਾਵੇ ।ਮਿਤੀ 8 ਮਾਰਚ ਨੂੰ ਥੋਹਾ ਖਾਲਸਾ ਜੋ ਆਸੇ ਪਾਸੇ ਤੋਂ ਛੋਟੀਆਂ ਪਹਾੜੀਆ ਨਾਲ ਘਿਰਿਆ ਹੋਇਆ ਸੀ , ਦੇ ਸਿੱਖਾਂ ਨੇ ਪਹਾੜ ਤੇ ਵੱਸੇ ਪਿੰਡ ਕੋਹ ਮਰੀ ਤੋਂ ਅੱਗ ਦੀਆਂ ਲੱਪਟਾ ਨਿਕਲਦੀਆਂ ਵੇਖੀਆਂ।ਕਬਾਇਲੀਆ ਅਤੇ ਉਹਨਾਂ ਨਾਲ ਰਲੇ ਆਸਪਾਸ ਦੇ ਮੁਸਲਮਾਨਾਂ ਸਿੱਖਾਂ ਨੂੰ ਧਮਕੀ ਦਿੱਤੀ ਕਿ ਜਾਂ ਤਾਂ ਉਹ ਮੁਸਲਮਾਨ ਬਣ ਜਾਣ ਜਾਂ ਉਹ ਇਹ ਜਗ੍ਹਾ ਖਾਲੀ ਕਰ ਦੇਣ ਨਹੀ ਤਾਂ ਮਰਣ ਲਈ ਤਿਆਰ ਰਹਿਣ।ਮੁਸਲਮਾਨਾ ਦੀ ਧਮਕੀ ਕਰਕੇ ਅਤੇ ਰਾਵਲਪਿੰਡੀ ਦਾ ਵਾਕਿਆ ਵੇਖ ਕੇ ਆਏ ਪਿੰਡ ਦੇ ਕੁਝ  ਮੋਹਤਬਰ ਬੰਦਿਆਂ ਨੇ ਥੋਹਾ ਖਾਲਸਾ ਦੇ ਸਾਰੇ ਸਿੱਖਾਂ ਨੂੰ ਪਿੰਡ ਦੇ ਗੁਰਦਵਾਰੇ ਇਕੱਠਾ ਕੀਤਾ ਤੇ ਸਭ ਨੇ ਇਹ ਫੈਸਲਾ ਕੀਤਾ ਕਿ ਜੇ ਬਚਨਾ ਤਾਂ ਸਾਰੇ ਪਿੰਡ ਦੇ ਸਿੱਖ ਆਪਣਾ ਘਰਬਾਰ ਛੱਡ ਕੇ ਸੰਤ ਗੁਲਾਬ ਸਿੰਘ ਦੀ ਹਵੇਲੀ ਜੋ ਪਿੰਡ ਵਿੱਚ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਥਾਂ ਮੰਨੀ ਜਾਂਦੀ ਸੀ ਵਿਖੇ ਇਕੱਠੇ ਹੋ ਜਾਣ।ਹਮਲਾਵਰਾਂ ਤੋਂ ਬਚਨ ਲਈ ਅਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਨੇ ਪਿੰਡ ਦੀਆ ਦੋ ਸਭ ਤੋਂ ਸੁਰੱਖਿਅਤ ਥਾਵਾਂ ਸੰਤ ਗੁਲਾਬ ਸਿੰਘ ਦੀ ਹਵੇਲੀ ਅਤੇ ਗੁਰਦਵਾਰੇ ਵਿੱਚ ਮੋਰਚੇ ਬਣਾ ਕੇ ਦੁਸ਼ਮਣ ਨੂੰ ਲਲਕਾਰਣ ਦਾ ਫੈਸਲਾ ਕੀਤਾ।ਪਿੰਡ ਦੇ ਸਾਰੇ ਸਿੱਖ ਆਪਣਾ ਕੀਮਤੀ ਸਾਮਾਨ, ਨਗਦੀ ਅਤੇ ਗਹਿਣੇ ਲੈ ਕੇ ਆਪਣੀਆਂ ਔਰਤਾਂ ਅਤੇ ਬਾਲ ਬੱਚਿਆ ਦੇ ਨਾਲ ਸੰਤ ਗੁਲਾਬ ਸਿੰਘ ਦੀ ਹਵੇਲੀ ਵੱਲ ਚੱਲ ਪਏ । ਉਹਨਾਂ ਚੋ ਕੁਝ ਹਥਿਆਰਬੰਦ ਸਿੱਖ ਹਵੇਲੀ ਦੇ ਕੋਲ ਹੀ ਬਣੇ ਪਿੰਡ ਦੇ ਗੁਰਦਵਾਰੇ ਅਤੇ ਬਾਕੀ ਗੁਲਾਬ ਸਿੰਘ ਦੀ  ਹਵੇਲੀ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਮੋਰਚੇ ਤੇ ਡੱਟ ਗਏ।

                        9 ਮਾਰਚ ਨੂੰ ਸ਼ਾਮ ਵੇਲੇ ਥੋਹਾ ਖਾਲਸਾ ਤੇ ਸੈਕੜਿਆ ਦੀ ਤਾਦਾਦ ਵਿੱਚ ਕਬਾਇਲੀਆਂ , ਮੁਸਲਿਮ ਲੀਗੀਆਂ ਅਤੇ ਕੁਝ  ਸਥਾਨਿਕ  ਮੁਸਲਮਾਨਾਂ ਨੇ ਥੋਹਾ ਖਾਲਸਾ ਪਿੰਡ ਤੇ ਹਮਲਾ ਕਰ ਦਿੱਤਾ।ਅੱਗੋ ਮੋਰਚਿਆ ਤੇ ਡਟੇ ਪਿੰਡ ਦੇ ਸਰਦੇ ਪੁਜਦੇ ਸਿੱਖ ਸਰਦਾਰਾਂ ਨੇ ਜਿੰਨਾ ਕੋਲ ਸ਼ਿਕਾਰ ਖੇਡਣ ਵਾਲੀਆ 5-6 ਰਾਈਫ਼ਲਾ ਅਤੇ ਕਾਰਤੂਸ ਸਨ ਨਾਲ  ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ।50-60 ਸਿੱਖਾ ਨੇ ਕਿਰਪਾਨਾ ਨਾਲ ਦੰਗਾਈਆਂ ਤੇ ਹਮਲਾ ਕੀਤਾ ਤੇ ਉਹਨਾ ਦੇ ਕਈ ਬੰਦੇ ਮਾਰ ਮੁਕਾਏ ।ਲੜਾਈ ਕਰਦਿਆਂ ਇਕ ਸਿੱਖ ਪ੍ਰਤਾਪ ਸਿੰਘ ਧੀਰ ਦੀ ਲੱਤ ਟੁੱਟ ਗਈ ।ਸਿੱਖਾ ਕੋਲ ਬੰਦੂਕਾਂ ਤੇ ਤਲਵਾਰਾ ਸਨ ਪਰ ਹਮਲਾਵਰਾਂ ਕੋਲ ਬਰਛੇ, ਡਾਂਗਾਂ ਤੇ ਸੋਟੇ ਸਨ ਤੇ ਨਾਲ ਮਿੱਟੀ ਦਾ ਤੇਲ ਵੀ ਜਿਸ ਨਾਲ ਉਹ ਜਿਹੜੇ ਘਰ ਨੂੰ ਲੁੱਟਦੇ ਉਸ ਨੂੰ ਅੱਗ ਲਾ ਦਿੰਦੇ।ਜੇ ਕੋਈ ਸਿੱਖ ਉਹਨਾਂ ਨੂੰ ਪਿੰਡ ਚ ਨਜ਼ਰੀ ਪੈਂਦਾ ਉਸ ਨੂੰ ਵੀ ਮਾਰ ਦਿੰਦੇ।9 ਮਾਰਚ ਨੂੰ ਜਦੋ ਸਿੱਖਾਂ ਨੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਤਾਂ ਦੰਗਾਈ ਉਥੋ ਭੱਜ ਗਏ। ਇੰਝ ਦੁਸ਼ਮਣਾਂ ਦਾ ਮੁਕਾਬਲਾ ਕਰਦਿਆ 9 ਮਾਰਚ ਦਾ ਦਿਨ ਲੰਘ ਗਿਆ ਤੇ 10 ਮਾਰਚ ਦਾ ਦਿਨ ਚੜ੍ਹ ਗਿਆ।ਸਿੱਖਾ ਨੂੰ ਪਤਾ ਸੀ ਕਿ ਦੰਗਾਈ ਉਹਨਾਂ ਤੇ ਫਿਰ ਹਮਲਾ ਕਰਨਗੇ ਇਸ ਲਈ ਸਾਰੇ ਬਜੁਰਗ, ਔਰਤਾਂ , ਬੱਚੇ ਅਤੇ ਜਵਾਨ ਲੜਕੀਆ ਗੁਲਾਬ ਸਿੰਘ ਦੀ ਹਵੇਲੀ ਵਿੱਚ ਜਾਨ ਤਲੀ ਤੇ ਧਰ ਕੇ ਬੈਠੇ ਸਨ ।ਥੋਹਾ ਖਾਲਸਾ ਦੇ ਸਭ ਸਿੱਖ ਭਾਵੇ ਉਹ ਜਵਾਨ ਸੀ ਬਜ਼ੁਰਗ ਸੀ ਔਰਤਾਂ ਬੱਚੇ ਸਭ ਦੇ ਅੰਦਰ ਇਹ ਦ੍ਰਿੜ ਨਿਸਚਾ ਸੀ ਕਿ ਚਾਹੇ ਜਾਨ ਚਲੀ ਜਾਏ , ਨਾ ਆਪਣੀ ਇੱਜ਼ਤ ਨੂੰ ਦਾਗ ਲੱਗਣ ਦੇਣਾ ਤੇ ਨਾ ਆਪਣਾ ਧਰਮ ਛੱਡਣਾ।

                         10 ਮਾਰਚ ਨੂੰ ਸ਼ਾਮ ਪੈਦਿਆਂ ਹੀ ਮੁਸਲਮਾਨਾਂ ਫਿਰ ਥੋਹਾ ਖਾਲਸਾ ਪਿੰਡ ਤੇ ਹਮਲਾ ਕੀਤਾ।ਢੋਲ ਵਜਾਉਂਦੇ ਤੇ ਅੱਲਾ ਹੂੰ ਅਕਬਰ ਦੇ ਧਾਰਮਿਕ ਨਾਹਰੇ ਮਾਰਦੇ ਕਬਾਇਲੀ ਤੇ ਸਥਾਨਕ ਲੋਕ ਜਿੰਨਾ ਵਿੱਚ ਪਿੰਡ ਦਾ ਇਕ ਸ਼ਖਸ਼ ਗੁਲਾਮ ਰਸੂਲ ਵੀ ਸ਼ਾਮਿਲ ਸੀ ਜੋ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਨੇ ਇਕ ਵਾਰ ਫ਼ਿਰ ਸਿੱਖਾਂ ਤੇ ਹਮਲਾ ਕਰ ਦਿੱਤਾ।ਉਹ ਸਿੱਖਾਂ ਨੂੰ ਕਹਿ ਰਹੇ ਸਨ ਕਿ ਜੇ ਤੁਸੀ ਚਾਹੁੰਦੇ ਓ ਕਿ ਅਸੀ ਤੁਹਾਨੂੰ ਕੁਝ ਨਾ ਕਹੀਏ ਤਾ ਤੁਸੀ ਆਪਣੀਆ ਕੁਝ ਕੁੜੀਆਂ ਸਾਡੇ ਹਵਾਲੇ ਕਰ ਦੇਓ ਅਸੀ ਸਭ ਨੂੰ ਛੱਡ ਦੇਵਾਗੇ ਤੇ ਕਿਸੇ ਤੇ ਹਮਲਾ ਵੀ ਨਹੀ ਕਰਾਗੇ।ਪਰ ਅਣਖੀ ਸਿੱਖਾਂ ਨੇ ਕਿਹਾ ਉਹਨਾਂ ਨੂੰ ਮਰਨਾ ਕਬੂਲ ਆ ਪਰ ਉਹ ਇਹ ਮੰਗ ਹਰਗਿਜ਼ ਨਹੀ ਪੂਰੀ ਕਰ ਸਕਦੇ ।ਇਸੇ ਦਿਨ ਮੁਸਲਮਾਨ ਹਮਲਾਵਰਾਂ ਪਿੰਡ ਵਿੱਚ ਸਿੱਖਾ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆ।ਥੋਹਾ ਖਾਲਸਾ ਦੇ ਜਵਾਨ ਸਿੰਘ ਉਹਨਾ ਸੈਕੜੇ ਦੀ ਤਾਦਾਦ ਵਿੱਚ ਆਏ ਦੰਗਾਈਆਂ ਨਾਲ ਲੜਦੇ ਸ਼ਹੀਦੀਆ ਪਾ ਰਹੇ ਸਨ।ਇੰਝ ਹਮਲਾਵਰਾਂ ਦਾ ਮੁਕਾਬਲਾ ਕਰਦਿਆ ਤਿੰਨ ਦਿਨ ਬੀਤ ਚੁੱਕੇ ਸਨ ਤੇ ਸਰਦਾਰਾਂ ਇਹਨਾਂ ਤਿੰਨਾ ਦਿਨਾ ਵਿੱਚ ਕਬਾਇਲੀ ਮੁਸਲਮਾਨਾਂ  ਨੂੰ ਬਰਾਬਰ ਦੀ ਟੱਕਰ ਦਿੱਤੀ ਸੀ ।

                                     ਅਗਲੇ ਦਿਨ 11 ਮਾਰਚ ਨੂੰ ਹਮਲਾਵਰ ਮੁਸਲਮਾਨ  ਹਜ਼ਾਰਾਂ ਦੀ ਗਿਣਤੀ ਵਿੱਚ ਪੂਰੀ ਤਿਆਰੀ ਨਾਲ ਆਏ ।ਦਿਨ ਦੇ ਕਰੀਬ 12-1 ਵਜੇ ਦਿਨੇ ਮੁਸਲਮਾਨਾਂ ਨੇ ਥੋਹਾ ਖਾਲਸਾ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ।ਹੱਥਾਂ ਵਿੱਚ ਬਰਛੀਆਂ, ਤਲਵਾਰਾਂ ਤੇ ਡਾਂਗਾਂ ਫ਼ੜੀ ਹਮਲਾਵਰ  ਇਹ ਤਹਿੱਈਆ ਕਰ ਕੇ ਆਏ ਸਨ ਕਿ ਅੱਜ ਉਹ ਸਭ ਸਿੱਖਾਂ ਨੂੰ ਸਬਕ ਸਿਖਾ ਕੇ ਹੀ ਵਾਪਸ ਜਾਣਗੇ।ਸਿੱਖਾਂ ਨੇ ਖਤਮ ਹੁੰਦੇ ਆਪਣੇ ਅਸਲੇ ਤੇ ਸਾਥੀਆਂ ਦੀ ਵੱਡੀ ਗਿਣਤੀ ਵਿੱਚ ਹੋ ਰਹੀਆਂ ਸ਼ਹੀਦੀਆਂ ਨੂੰ ਦੇਖਦਿਆਂ ਪਿੰਡ ਦੇ ਸਾਬਕਾ ਫ਼ੌਜੀ ਸੰਤ ਸਿੰਘ ਬਿੰਦਰਾ ਜਿਨ੍ਹਾਂ ਦਾ ਘਰ ਪਿੰਡ ਦੇ ਬਾਹਰਵਾਰ ਬੱਸ ਅੱਡੇ ਲਾਗੇ ਸੀ ਨੇ ਚਿੱਟਾ ਝੰਡਾ ਲਹਿਰਾ ਕੇ ਸੁਲਹ ਕਰਨ ਲਈ ਲੜਾਈ ਰੋਕਣ ਦਾ ਐਲਾਨ ਕੀਤਾ।ਦੋਵੇ ਪਾਸੇ ਤੋਂ ਗੋਲੀਬਾਰੀ ਬੰਦ ਹੋ ਗਈ ਤੇ ਕੁਝ ਮੁਸਲਮਾਨ ਹਵੇਲੀ ਅੰਦਰ ਆਏ ਸਿੱਖਾਂ ਵਿੱਚੋਂ ਮੋਹਤਬਰ ਸਰਦਾਰਾ ਨੇ ਹਮਲਾਵਰਾਂ ਨਾਲ ਇਕ ਅਹਿਦਨਾਮਾ ਕੀਤਾ ਜਿਸ ਵਿੱਚ ਹਮਲਾ ਨਾ ਕਰਨ ਬਦਲੇ ਉਹ ਉਹਨਾਂ ਨੂੰ  20000 ਰੁਪਏ ਨਗਦ, ਜਿੰਨੇ ਵੀ ਸਿੱਖਾ ਕੋਲ ਸੋਨੇ ਦੇ ਗਹਿਣੇ ਸਨ ਦੇਣੇ ਕੀਤੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਪਿੰਡ ਵਿੱਚ ਸਿੱਖਾਂ ਦੇ ਘਰਾਂ ਦਾ ਸਾਮਾਨ ਵੀ ਲੈ ਕੇ ਜਾ ਸਕਦੇ ਹਨ ਪਰ ਬਦਲੇ ਚ ਉਹ ਕਿਸੇ ਸਿੱਖ ਦੀ ਧੀ ਭੈਣ ਵੱਲ ਮਾੜੀ ਨਿਗਾਹ ਨਹੀ ਰੱਖਣ ਗੇ ਤੇ ਨਾ ਹੀ ਕਿਸੇ ਸਿੱਖ ਨੂੰ ਜਾਨੋ ਮਾਰਨਗੇ।ਹਮਲਾਵਰ ਮੰਨ ਗਏ ਦੋਵੇ ਪਾਸੇ ਸਹਿਮਤੀ ਬਨਣ ਤੇ ਹਮਲਾਵਰਾਂ ਨੂੰ ਰੁਪਏ ਗਹਿਣੇ ਦੇ ਦਿੱਤੇ ਗਏ ਨਾਲ ਹੀ ਬੰਦੂਕਾ ਵੀ।ਪਰ ਉਹਨਾਂ ਨੇ ਸਿੱਖਾ ਨਾਲ ਧੋਖਾ ਕੀਤਾ ਪੈਸੇ ਲੈ ਕੇ ਵੀ ਉਹ ਆਪਣੀ ਜ਼ੁਬਾਨ ਤੋਂ ਮੁਕਰ ਗਏ। ਉਹਨਾਂ ਪਿੰਡ ਦੇ ਹਰ ਘਰ ਨੂੰ ਰੀਝ ਨਾਲ ਲੁੱਟਿਆ ਅਤੇ ਜਾਂਦੇ ਜਾਂਦੇ ਅੱਗਾਂ ਵੀ ਲਾ ਗਏ ਤੇ ਸਿੱਖਾਂ ਨੂੰ ਕਤਲ ਵੀ ਕਰ ਗਏ।ਇਸ ਤਰ੍ਹਾਂ ਉਹਨਾਂ ਰੁਪਏ ਪੈਸੇ, ਜ਼ੇਵਰ ਵੀ ਲੈ ਲਏ ਤੇ ਆਪਣੀ ਜ਼ੁਬਾਨ ਤੋਂ ਵੀ ਮੁਕਰ ਗਏ।

                              12 ਮਾਰਚ 1947 ਥੋਹਾ ਖਾਲਸੇ ਦੇ ਸਿੱਖ ਪਰਿਵਾਰਾਂ ਲਈ ਕਹਿਰ ਦਾ ਦਿਨ ਸੀ।ਇਸ ਦਿਨ ਉਹ ਕੁਝ ਵਾਪਰ ਗਿਆ ਜਿਸਦਾ ਕਿਸੇ ਤਸੱਵੁਰ ਵੀ ਨੀ ਕੀਤਾ ਹੋਣਾ।ਕਬਾਇਲੀਆਂ ਨੇ ਇਸ ਵਾਰ ਸਿੱਖਾਂ ਨੂੰ ਈਨ ਮਨਾਉਣ ਲਈ ਤਗੜਾ ਹਮਲਾ ਕੀਤਾ।ਹਜ਼ਾਰਾਂ ਦੀ ਤਾਦਾਦ ਵਿੱਚ ਹਮਲਾਵਰਾਂ ਨੇ ਪਿੰਡ ਨੂੰ ਘੇਰਾ ਪਾ ਲਿਆ ।ਬਹੁਤ ਸਾਰੇ ਸਿੰਘ ਮੁਕਾਬਲਾ ਕਰਦੇ ਸ਼ਹੀਦ ਹੋ ਚੁੱਕੇ ਸਨ।ਹੁਣ ਬਹੁਤ ਥੋੜੇ ਸਿੱਖ ਰਹਿ ਗਏ ਸਨ ਹਮਲਾਵਰਾਂ ਦਾ ਮੁਕਾਬਲਾ ਕਰਨ ਲਈ ਪਿੰਡ ਦੀਆਂ ਜਵਾਨ ਨੂੰਹਾਂ ਅਤੇ ਧੀਆਂ ਹਵੇਲੀ ਵਿੱਚ ਮੋਜੂਦ ਸਨ ।ਆਪਣੇ ਲੋਕਾਂ ਨੂੰ ਮਰਦੇ ਦੇਖ ਸਿੱਖ ਲੜਕੀਆਂ ਨੇ ਅਚਾਨਕ ਇਕ ਐਸਾ ਦਿਲ ਕੰਬਾਊ ਫੈਸਲਾ ਕੀਤਾ ਜਿਸ ਨੂੰ ਸੁਣ ਕੇ ਰੂਹ ਕੰਬ ਜਾਂਦੀ ।ਕਬਾਇਲੀਆਂ ਦੇ ਹੱਥੋਂ ਬੇਇੱਜ਼ਤ ਹੋਣ ਤੇ ਆਪਣੇ ਧਰਮ ਨਾਲੋਂ ਟੁੱਟਣ ਨਾਲੋ ਚੰਗਾ ਉਹ ਮੌਤ ਨੂੰ ਗਲੇ ਲਗਾ ਲੈਂਣ ਇਹ ਸੋਚ ਕਿ ਉਹਨਾਂ ਆਪਣੇ ਪਰਿਵਾਰ ਦੇ ਮੁੱਖੀ  ਸੰਤ ਰਾਜਾ ਸਿੰਘ ਬਿੰਦਰਾ ਨੂੰ ਇਹ ਬੇਨਤੀ ਕੀਤੀ ਕਿ  ਉਹ ਉਹਨਾਂ ਨੂੰ ਜਾਨ ਤੋਂ ਮਾਰ ਦੇਣ ਕਿਉਂਕਿ ਉਹ ਆਪਣਾ ਧਰਮ ਨਹੀ ਛੱਡ ਸਕਦੀਆਂ।ਪਤਾ ਨਹੀ ਉਹ ਕੈਸੀ ਮਾਨਸਿਕ ਸਥਿਤੀ ਸੀ ਜਿਸ ਵਿੱਚ ਸੰਤ ਰਾਜਾ ਸਿੰਘ ਨੇ ਆਪਣੇ ਦੋ ਹੋਰ ਸਹਿਯੋਗੀਆਂ ਅਵਤਾਰ ਸਿੰਘ ਬਿੰਦਰਾ ਅਤੇ ਹਰਬੰਸ ਸਿੰਘ ਬਿੰਦਰਾ ਨਾਲ ਮਿਲ ਕੇ ਆਪਣੇ ਹੀ ਪਰਿਵਾਰ ਦੀਆਂ ਇਕ ਇਕ ਕਰ ਕੇ 25 ਜਵਾਨ ਲੜਕੀਆਂ ਸ਼ਹੀਦ ਕੀਤੀਆਂ।ਤੇ ਕਿਸੇ ਵੀ ਲੜਕੀ ਨੇ ਮੂੰਹੋ ਉਫ਼ ਤਕ ਨੀ ਕਿਹਾ ।ਵਾਹਿਗੁਰੂ ਦਾ ਜਾਪ ਕਰਦੀਆ ਉਹ ਧੀਆਂ ਇਕ ਇਕ ਕਰਕੇ ਆਪਣੇ ਸੀਸ ਕਲਮ ਕਰਵਾਉਂਦੀਆ ਗਈਆਂ।ਇਹ ਬਹੁਤ ਭਿਆਨਕ ਮੰਜ਼ਰ ਸੀ ਜਿਸ ਨੂੰ ਦੇਖ ਕੇ ਹਮਲਾਵਰ ਵੀ ਡਰ ਗਏ ਸਨ।ਅਖੀਰ ਵਿੱਚ ਸੰਤ ਰਾਜਾ ਸਿੰਘ ਬਿੰਦਰਾ ਤੇ ਉਹਨਾਂ ਦੇ ਦੋਵੇ ਸਹਿਯੋਗੀ ਦੁਸ਼ਮਣਾਂ ਨਾਲ ਲੜਦੇ ਸ਼ਹੀਦੀ ਪਾ ਗਏ।ਇਸ ਸਾਰੇ ਵਾਕਿਆ ਦਾ ਗਵਾਹ ਸੰਤ ਰਾਜਾ ਸਿੰਘ ਬਿੰਦਰਾ ਦਾ 16-17 ਸਾਲ ਦਾ ਪੁੱਤਰ ਵੀਰ ਬਹਾਦਰ ਸਿੰਘ ਸੀ ਜਿਸ ਨੇ ਆਪਣੇ ਪਿਤਾ ਸੰਤ ਰਾਜਾ ਸਿੰਘ ਦੇ ਹੱਥੋਂ ਸਭ ਤੋਂ ਪਹਿਲਾਂ ਆਪਣੀ ਵੱਡੀ ਭੈਣ ਮਾਨ ਕੌਰ ਨੂੰ ਕੱਟਦੇ ਦੇਖਿਆ ਸੀ।

   ਇਸ ਵਾਕਿਆ ਤੋਂ ਬਾਅਦ ਬਚੇ ਸਿੱਖ ਮਰਦ ਤੇ ਔਰਤਾਂ ਦੁਸ਼ਮਣ ਦੀ ਗ੍ਰਿਫ਼ਤ ਵਿੱਚ ਆ ਗਏ ਤੇ ਉਹਨਾਂ ਹਮਲਾਵਰਾਂ ਨੂੰ ਕਿਹਾ ਕਿ ਪਹਿਲਾਂ ਉਹ ਪਾਣੀ ਪੀਣਾ ਚਾਹੁੰਦੇ ਬਾਅਦ ਵਿੱਚ ਤੁਸੀ ਸਾਡੇ ਨਾਲ ਜੋ ਕਰਨਾ ਸੋ ਕਰ ਲਿਓ।ਸਾਰੇ ਸਿੱਖ ਜਿਨ੍ਹਾਂ ਵਿੱਚ ਮਰਦ, ਔਰਤਾਂ ਤੇ ਬੱਚੇ ਸ਼ਾਮਿਲ ਸਨ ਗੁਲਾਬ ਸਿੰਘ ਦੀ ਹਵੇਲੀ ਦੇ ਪਾਸ ਹੀ ਖੂਹ ਤੇ ਪਾਣੀ ਪੀਣ ਪਹੁੰਚ ਗਏ।ਔਰਤਾਂ ਖੂਹ ਦੁਆਲੇ ਬਣੀ ਪੱਕੀ ਪਟਰੀ ਤੇ ਬੈਠ ਗਈਆ ਤੇ ਸਾਰੇ ਮਰਦ ਹੇਠਾ ਖਾਹ ਤੇ ਬੈਠ ਗਏ।ਖੂਹ ਦੇ ਦੁਆਲੇ ਬੈਠੀਆ ਔਰਤਾਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਸਨ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਉਪਰੰਤ ਗੁਲਾਬ ਸਿੰਘ ਦੀ ਪਤਨੀ ਭਾਗ ਕੌਰ ਨੇ ਅਰਦਾਸ ਕੀਤੀ ਅਤੇ ਕਿਹਾ ਕਿ ਹੇ ਸੱਚੇ ਪਾਤਿਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦ ਤਕ ਅਸੀ ਜਿੰਦਾ ਰਹੇ ਖਾਲਸਾ ਪੰਥ ਦੀ ਆਣ ਬਾਣ ਸ਼ਾਨ ਨੂੰ ਕਾਇਮ ਰੱਖਿਆ ਹੈ ਸਿੱਖੀ ਨੂੰ ਵੱਟਾ ਨੀ ਲੱਘਣ ਦਿੱਤਾ।ਹੁਣ ਸਾਡੀ ਸਿੱਖੀ ਖਤਰੇ ਵਿੱਚ ਹੈ ਇਸ ਲਈ ਅਸੀ ਖੂਹ ਵਿੱਚ ਛਾਲਾਂ ਮਾਰ ਕੇ ਆਪਾ ਕੁਰਬਾਨ ਕਰਨ ਲੱਗੀਆ ਹਾਂ ਸਾਨੂੰ ਆਗਿਆ ਬਖਸ਼ੋ। ਸਭ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਤੇ ਇਕ ਇਕ ਕਰਕੇ ਸਿੱਖ ਔਰਤਾਂ ਗੋਦ ਚੁੱਕੇ ਬੱਚਿਆ ਸਣੇ ਖੂਹ ਵਿੱਚ ਛਾਲਾ ਮਾਰਨ ਲੱਗੀਆਂ।ਅਖੀਰ ਵਿੱਚ ਖੂਹ ਵਿੱਚ ਛਾਲ ਮਾਰਨ ਵਾਲੀ ਔਰਤ ਬਸੰਤ ਕੌਰ ਸੀ ਜਿਸ ਨੇ ਪਹਿਲਾਂ ਆਪਣੇ 6 ਬੱਚੇ ਖੂਹ ਚ ਸੁੱਟੇ ਤੇ ਫ਼ਿਰ ਆਪ ਛਾਲ ਮਾਰੀ ਪਰ ਤੱਦ ਤੱਕ ਖੂਹ ਉਪਰ ਤੱਕ ਲਾਸ਼ਾਂ ਨਾਲ ਭਰ ਚੁੱਕਾ ਸੀ ।ਬਸੰਤ ਕੌਰ ਦੇ 6 ਬੱਚੇ ਖੂਹ ਚ ਡੁੱਬ ਚੁੱਕੇ ਸਨ ਪਰ ਬਸੰਤ ਕੌਰ ਪਾਣੀ ਘੱਟ ਹੋਣ ਕਾਰਣ ਖੂਹ ‘ਚ ਨਾ ਡੁੱਬ ਸਕੀ।ਇਸ ਭਿਆਨਕ ਮੰਜ਼ਰ ਨੂੰ ਦੇਖ ਕੇ ਮੁਸਲਿਮ ਹਮਲਾਵਰ ਡਰ ਕੇ ਭੱਜ ਗਏ। ਕੁਝ ਰਹਿਮ ਦਿਲ ਆਸਪਾਸ ਦੇ ਮੁਸਲਮਾਨਾਂ ਨੇ ਗੁਲਾਬ ਕੌਰ ਤੇ ਹੋਰ ਲੜਕੀਆਂ ਤੇ ਬੱਚਿਆ ਨੂੰ ਖੂਹ ਚੋ ਕੱਢ ਲਿਆ ਜੋ ਅਜੇ ਜਿੰਦਾ ਸਨ।ਖੂਹ ਵਿੱਚ ਡੁੱਬ ਕੇ ਲਗਭਗ 85 ਤੋਂ ਜ਼ਿਆਦਾ ਔਰਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।ਇਸ ਤਰ੍ਹਾਂ ਥੋਹਾ ਖਾਲਸਾ ਦੇ ਸਿੱਖਾਂ ਨੇ ਆਪਣੀਆਂ ਜਾਨਾਂ ਤਾ ਕੁਰਬਾਨ ਕਰ ਦਿੱਤੀਆਂ ਪਰ ਦੁਸ਼ਮਣਾਂ ਦੀ ਈਨ ਨਹੀ ਮੰਨੀ।ਅਗਲੇ ਦਿਨ 13 ਮਾਰਚ ਨੂੰ ਮਿਲਟਰੀ ਪਿੰਡ ਥੋਹਾ ਖਾਲਸਾ ‘ਚ ਆ ਗਈ ਤੇ ਉਹਨਾਂ ਬਚੇ ਸਿੱਖਾਂ ਨੂੰ ਓਥੋਂ ਸੁਰੱਖਿਅਤ ਕੱਢ ਰਾਵਲਪਿੰਡੀ ਨੇੜੇ ਰਵਾਤ ਕੈਂਪ ਭੇਜ ਦਿੱਤਾ ਜਿਥੋਂ ਉਹ ਸਾਰੇ ਕਈ ਮੁਸੀਬਤਾਂ ਦਾ ਸਾਹਮਣਾ ਕਰਦੇ ਘਰ ਬਾਰ , ਰੁਪਿਆ ਨਗਦੀ ਤੇ ਆਪਣੇ ਪਿਆਰੇ, ਆਪਣੇ ਸਕੇ ਸੰਬੰਧੀਆਂ ਨੂੰ ਗਵਾ ਖਾਲੀ ਹੱਥ ਭਾਰਤ ਪਹੁੰਚ ਗਏ।

ਲੇਖਕ  :- ਅੰਗਰੇਜ ਸਿੰਘ ਵਿਰਦੀ 

       

      

          

          

 

 

 

 

 

 

           

     

 

Have something to say? Post your comment

Subscribe